ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਲਈ ਸਹੀ ਬਿੰਨ (ਕੂੜੇਦਾਨ) ਦੀ ਵਰਤੋਂ ਕਰੋ।
ਈ-ਕੂੜੇ ਨੂੰ ਆਪਣੇ ਸਥਾਨਕ ਕੂੜਾ ਨਿਪਟਾਰਾ ਸਥਾਨ (ਡਰੌਪ-ਆਫ਼ ਪੌਇੰਟ) 'ਤੇ ਜਾ ਕੇ ਰੀਸਾਈਕਲ ਕਰੋ।
ਬਿਜਲੀ ਨਾਲ ਚੱਲਣ ਵਾਲੇ ਸਮਾਨ ਦੀ ਜਗ੍ਹਾ ਤੁਹਾਡੇ ਘਰੇਲੂ ਬਿੰਨ ਵਿੱਚ ਨਹੀਂ ਹੁੰਦੀ ਹੈ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਵਿੱਚ ਬੈਟਰੀਆਂ ਹੁੰਦੀਆਂ ਹਨ, ਜਿਹੜੀਆਂ ਕੁਚਲੇ ਜਾਣ ‘ਤੇ ਅੱਗ ਲਗਾ ਸਕਦੀਆਂ ਹਨ ਜਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਸਕਦੀਆਂ ਹਨ।
ਅੱਜਕੱਲ ਸਾਡੇ ਘਰਾਂ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇਲੈਕਟ੍ਰਾਨਿਕ ਕੂੜਾ ਹੁੰਦਾ ਹੈ, ਅਤੇ ਬਹੁਤਿਆਂ ਵਿੱਚ ਲੁਕੀਆਂ ਹੋਈਆਂ ਬੈਟਰੀਆਂ ਹੁੰਦੀਆਂ ਹਨ।
ਹਰ ਸਾਲ, ਹਜ਼ਾਰਾਂ ਅੱਗਾਂ ਕੂੜੇ ਦੇ ਟਰੱਕਾਂ ਅਤੇ ਰੀਸਾਈਕਲ ਕਰਨ ਵਾਲੇ ਸੈਂਟਰਾਂ ਵਿੱਚ ਲੱਗ ਜਾਂਦੀਆਂ ਹਨ ਕਿਉਂਕਿ ਇਹ ਚੀਜ਼ਾਂ ਘਰੇਲੂ ਬਿੰਨਾਂ ਵਿੱਚ ਪਾ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਨੂੰ ਸਹੀ ਤਰੀਕੇ ਨਾਲ ਰੀਸਾਈਕਲ ਕਰਕੇ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖੋ। ਇੱਥੇ ਜਾਣੋ ਕਿ ਆਪਣੇ ਘਰ ਵਿੱਚ ਈ-ਕੂੜੇ ਨੂੰ ਕਿਵੇਂ ਪਛਾਣਨਾ ਹੈ ਅਤੇ ਆਪਣਾ ਸਥਾਨਕ ਕੂੜਾ-ਨਿਪਟਾਰਾ ਸਥਾਨ ਕਿਵੇਂ ਲੱਭਣਾ ਹੈ।
ਈ-ਕੂੜਾ ਕੀ ਹੁੰਦਾ ਹੈ?
ਈ-ਕੂੜੇ ਦਾ ਅਰਥ ਹੈ ਇਲੈਕਟ੍ਰਾਨਿਕ ਕੂੜਾ। ਇਹ ਉਹ ਹਰ ਚੀਜ਼ ਹੈ ਜਿਸ ਵਿੱਚ ਬੈਟਰੀ, ਪਲੱਗ ਜਾਂ ਤਾਰ ਹੁੰਦੀ ਹੈ। ਕੁੱਝ ਚੀਜ਼ਾਂ ਆਸਾਨੀ ਨਾਲ ਪਛਾਣੀ ਜਾ ਸਕਦੀਆਂ ਹਨ, ਜਿਵੇਂ ਵੈਕਿਊਮ ਕਲੀਨਰ ਜਾਂ ਮੋਬਾਈਲ ਫ਼ੋਨ। ਕੁੱਝ ਚੀਜ਼ਾਂ ਨੂੰ ਪਛਾਣਨਾ ਥੋੜ੍ਹਾ ਔਖਾ ਹੁੰਦਾ ਹੈ, ਜਿਵੇਂ ਕਿ ਖਿਡੌਣੇ, ਟੁੱਥਬ੍ਰਸ਼ ਜਾਂ ਇੱਥੋਂ ਤੱਕ ਕਿ ਵੇਪ ਵੀ।
ਮੈਂ ਕਿਵੇਂ ਜਾਣਾ ਕਿ ਕਿਸ ਚੀਜ਼ ਵਿੱਚ ਛੁਪੀ ਹੋਈ ਬੈਟਰੀ ਹੈ?
ਜੇਕਰ ਉਸ ਚੀਜ਼ ਵਿੱਚ ਰੋਸ਼ਨੀ ਹੈ, ਆਵਾਜ਼ ਕਰਦੀ ਹੈ, ਹਿੱਲਦੀ ਹੈ ਜਾਂ ਚਾਰਜ ਕਰਨ ਦੀ ਲੋੜ ਪੈਂਦੀ ਹੈ, ਤਾਂ ਉਹ ਈ-ਕੂੜਾ ਹੈ। ਆਮ ਈ-ਕੂੜੇ ਵਿੱਚ ਹੇਠ ਲਿਖਿਆ ਚੀਜ਼ਾਂ ਸ਼ਾਮਲ ਹੁੰਦੀਆਂ ਹਨ:
- ਬਲਿਊਟੁੱਥ ਵਾਲੇ ਸਪੀਕਰ ਅਤੇ ਹੈੱਡਫੋਨ
- ਇਲੈਕਟ੍ਰਿਕ ਟੁੱਥਬ੍ਰਸ਼
- ਈ-ਸਕੂਟਰ, ਈ-ਬਾਈਕ ਅਤੇ ਹੋਵਰਬੋਰਡ
- ਚਮਕਣ ਵਾਲੇ ਜਾਂ ਲਾਈਟ ਜਗਣ ਵਾਲੇ ਖਿਡੌਣੇ
- ਨਿੱਜੀ ਦੇਖਭਾਲ ਵਾਲੇ ਯੰਤਰ (ਜਿਵੇਂ ਕਿ ਸ਼ੇਵਰ)
- ਪਾਵਰਪੈਕ ਅਤੇ ਪੋਰਟੇਬਲ ਚਾਰਜਿੰਗ ਯੰਤਰ
- ਪਾਵਰ ਟੂਲ
- ਰਿਮੋਟ ਕੰਟਰੋਲ ਵਾਲੇ ਅਤੇ ਵਿੱਚ ਬੈਠਣ ਵਾਲੇ ਖਿਡੌਣੇ
- ਵੈਕਿਊਮ ਕਲੀਨਰ (ਕੋਰਡਲੈੱਸ, ਹੈਂਡਹੈਲਡ ਅਤੇ ਰੋਬੋਟਿਕ)
- ਵੇਪ
- ਪਹਿਨਣਯੋਗ ਯੰਤਰ (ਜਿਵੇਂ ਕਿ ਸਮਾਰਟਵਾਚ, ਟ੍ਰੈਕਰ, ਡਾਕਟਰੀ ਸਹਾਇਤਾ ਉਪਕਰਨ)
ਇਹ ਕਿਉਂ ਮਹੱਤਵਪੂਰਨ ਹੈ?
ਵਿਕਟੋਰੀਆ ਵਿੱਚ, ਈ-ਕੂੜੇ ਨੂੰ ਘਰੇਲੂ ਜਾਂ ਕੌਂਸਲ ਵੱਲੋਂ ਦਿੱਤੇ ਬਿੰਨ ਵਿੱਚ ਸੁੱਟਣਾ ਗ਼ੈਰ-ਕਾਨੂੰਨੀ ਹੈ। Fire Rescue Victoria [ਫਾਇਰ ਰੈਸਕਿਊ ਵਿਕਟੋਰੀਆ, FRV] ਹਰ ਰੋਜ਼ ਲਗਭਗ ਅੱਗ ਲੱਗਣ ਦੀ ਇੱਕ ਅਜਿਹੀ ਘਟਨਾ ‘ਤੇ ਪਹੁੰਚਦੀ ਹੈ ਜੋ ਛੁਪੀਆਂ ਹੋਈਆਂ ਬੈਟਰੀਆਂ ਕਾਰਨ ਲੱਗਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੂੜਾ ਇਕੱਠਾ ਕਰਨ ਵੇਲੇ ਬੈਟਰੀਆਂ ਕੁਚਲੀਆਂ ਜਾਂਦੀਆਂ ਹਨ।
ਈ-ਕੂੜਾ ਕੀਮਤੀ ਸਮੱਗਰੀ ਨਾਲ ਭਰਪੂਰ ਹੁੰਦਾ ਹੈ ਅਤੇ ਇਸਨੂੰ ਨਵੀਂ ਟੈਕਨਾਲੋਜੀ, ਨਵਿਆਉਣਯੋਗ ਊਰਜਾ ਉਤਪਾਦਾਂ ਅਤੇ ਇੱਥੋਂ ਤੱਕ ਕਿ ਮੈਡੀਕਲ ਉਪਕਰਨਾਂ ਵਿੱਚ ਵੀ ਬਦਲਿਆ ਜਾ ਸਕਦਾ ਹੈ।
ਈ-ਕੂੜੇ ਨੂੰ ਕਿਵੇਂ ਰੀਸਾਈਕਲ ਕਰਨਾ ਹੈ?
ਆਪਣੇ ਘਰ ਵਿੱਚ ਈ-ਕੂੜਾ ਲੱਭੋ
ਆਪਣੇ ਘਰ ਵਿੱਚ ਈ-ਕੂੜਾ ਲੱਭਣ ਲਈ ਸਾਡੀ ਸੂਚੀ ਦੀ ਵਰਤੋਂ ਕਰੋ ਅਤੇ ਇਸਨੂੰ ਆਪਣੇ ਬਿੰਨ ਵਿੱਚ ਨਾ ਪਾਓ। ਇਸਨੂੰ ਆਪਣੇ ਸਥਾਨਕ ਈ-ਕੂੜਾ ਰੀਸਾਈਕਲਿੰਗ ਬਿੰਨ ਵਿੱਚ ਪਾਉਣ ਲਈ ਲੈ ਜਾਓ।
ਆਪਣੇ ਸਥਾਨਕ ਈ-ਕੂੜਾ ਬਿੰਨ ਨੂੰ ਕਿਵੇਂ ਲੱਭਣਾ ਹੈ?
ਆਪਣੇ ਨਜ਼ਦੀਕੀ ਕੂੜਾ-ਨਿਪਟਾਰਾ ਸਥਾਨ ਨੂੰ ਲੱਭਣ ਲਈ ਆਪਣੀ ਕੌਂਸਲ ਦੀ ਵੈੱਬਸਾਈਟ ਦੇਖੋ।
ਤੁਸੀਂ ਇਹ ਵੈੱਬਸਾਈਟਾਂ ਵੀ ਵੇਖ ਸਕਦੇ ਹੋ:
- Recycle Mate ਜਾਂ Planet Ark — ਇੱਥੇ ਤੁਹਾਨੂੰ ਸਥਾਨਕ ਰੀਸਾਈਕਲ ਕਰਨ ਦੇ ਤਰੀਕੇ ਮਿਲਣਗੇ, ਜਿਨ੍ਹਾਂ ਵਿੱਚ ਵੇਪ ਵੀ ਸ਼ਾਮਲ ਹਨ।
- B-cycle — ਇੱਥੇ ਤੁਸੀਂ AA ਅਤੇ ਹੋਰ ਆਕਾਰਾਂ ਦੀਆਂ ਬੈਟਰੀਆਂ, ਬਟਨ ਬੈਟਰੀਆਂ ਅਤੇ ਰੀਚਾਰਜ ਕਰਨ ਵਾਲੀਆਂ ਬੈਟਰੀਆਂ ਦੇ ਕੂੜੇ ਦਾ ਨਿਪਟਾਰਾ ਕਰਨ ਲਈ ਸਥਾਨ ਲੱਭ ਸਕਦੇ ਹੋ।
ਵਰਤੀਆਂ ਹੋਈਆਂ ਬੈਟਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਰੱਖੋ
- ਬੈਟਰੀਆਂ ਦੇ ਸਿਰਿਆਂ ਨੂੰ ਪਾਰਦਰਸ਼ੀ ਚੇਪੀ ਨਾਲ ਢੱਕੋ। ਇਸ ਨਾਲ ਚੰਗਿਆੜੀਆਂ ਅਤੇ ਅੱਗ ਲੱਗਣ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
- ਉਹਨਾਂ ਨੂੰ ਢਿੱਲੇ ਢੱਕਣ ਵਾਲੇ ਕੱਚ ਜਾਂ ਪਲਾਸਟਿਕ ਦੇ ਡੱਬੇ ਵਿੱਚ ਸਟੋਰ ਕਰੋ (ਜਿਵੇਂ ਕਿ ਜੈਮ ਵਾਲਾ ਜਾਰ ਜਾਂ ਆਈਸ ਕਰੀਮ ਟੱਬ)।
- ਬੈਟਰੀਆਂ ਨੂੰ ਧਾਤੂ ਦੇ ਡੱਬੇ ਵਿੱਚ ਨਾ ਰੱਖੋ।
- ਉਹਨਾਂ ਨੂੰ ਹੋਰ ਧਾਤੂ ਦੀਆਂ ਚੀਜ਼ਾਂ ਨਾਲ ਇਕੱਠੇ ਨਾ ਰੱਖੋ।
- ਉਹਨਾਂ ਨੂੰ ਗਰਮੀ ਤੋਂ ਦੂਰ ਠੰਢੀ, ਅਤੇ ਸੁੱਕੀ ਥਾਂ ‘ਤੇ ਰੱਖੋ।
- ਬੈਟਰੀਆਂ ਨੂੰ ਬੱਚਿਆਂ ਅਤੇ ਪਾਲਤੂ ਜਾਨਵਰਾਂ ਤੋਂ ਦੂਰ ਰੱਖੋ।