sਆਪਣੇ ਮੁੜ-ਵਰਤਣਯੋਗ ਝੋਲਿਆਂ (ਬੈਗਾਂ) ਨੂੰ ਯਾਦ ਰੱਖਣਾ ਸੌਖਾ ਬਣਾਓ

Last updated: 2 August 2023
Share
Photo of three reusable bags filled with groceries.

ਮੁੜ-ਵਰਤਣਯੋਗ ਝੋਲਿਆਂ ਦੀ ਵਰਤੋਂ ਕਰਨ ਦੇ ਲਾਭ

ਇਕ ਵਾਰੀ ਵਰਤਣ ਵਾਲਾ ਪਲਾਸਟਿਕ (SUPs) ਉਸ ਕੂੜੇ ਦਾ ਇਕ ਤਿਹਾਈ ਹਿੱਸਾ ਬਣਦਾ ਹੈ ਜੋ ਅਸੀਂ ਵਿਕਟੋਰੀਆ ਦੀਆਂ ਗਲੀਆਂ ਅਤੇ ਸਾਡੇ ਪਾਰਕਾਂ ਅਤੇ ਜਲ-ਮਾਰਗਾਂ ਵਿੱਚ ਵੇਖਦੇ ਹਾਂ, ਜਿੱਥੇ ਇਹ ਜੰਗਲੀ ਜੀਵਾਂ ਅਤੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਜਦੋਂ ਤੁਸੀਂ ਖਰੀਦਦਾਰੀ ਕਰਦੇ ਹੋ ਤਾਂ ਮੁੜ-ਵਰਤੋਂ ਯੋਗ ਖਰੀਦਦਾਰੀ ਵਾਲੇ ਝੋਲਿਆਂ ਦੀ ਵਰਤੋਂ ਕਰਕੇ, ਤੁਸੀਂ ਵਾਤਾਵਰਣ ਦੀ ਮਦਦ ਕਰ ਸਕਦੇ ਹੋ, ਅਤੇ ਉਸ ਰਹਿੰਦ-ਖੂੰਹਦ ਦੀ ਮਾਤਰਾ ਨੂੰ ਘੱਟ ਕਰ ਸਕਦੇ ਹੋ, ਜੋ ਜ਼ਮੀਨ ਵਿੱਚ ਦੱਬਣ ਲਈ ਜਾਂਦੀ ਹੈ ਜਾਂ ਕੂੜੇ-ਕਰਕਟ ਦਾ ਰੂਪ ਲੈਂਦੀ ਹੈ।

ਤੁਹਾਡੇ ਮੁੜ-ਵਰਤਣ ਯੋਗ ਝੋਲਿਆਂ ਨੂੰ ਯਾਦ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਨੁਕਤੇ

ਜਦੋਂ ਅਸੀਂ ਖਰੀਦਦਾਰੀ ਕਰਨ ਜਾਂਦੇ ਹਾਂ ਤਾਂ ਮੁੜ-ਵਰਤਣ ਯੋਗ ਝੋਲਿਆਂ ਨੂੰ ਭੁੱਲ ਜਾਣਾ ਸਾਡੇ ਸਾਰਿਆਂ ਨਾਲ ਵਾਪਰਦਾ ਹੈ। ਇਹਨਾਂ ਸਰਲ ਨੁਕਤਿਆਂ ਦੇ ਨਾਲ ਆਪਣੇ ਮੁੜ-ਵਰਤਣ ਯੋਗ ਝੋਲਿਆਂ ਨੂੰ ਯਾਦ ਰੱਖਣਾ ਸੌਖਾ ਬਣਾਓ:

ਕੁਝ ਕੁ ਨੂੰ ਮੂਹਰਲੇ ਦਰਵਾਜ਼ੇ ਦੇ ਕੋਲ ਰੱਖੋ

ਕੁਝ ਕੁ ਨੂੰ ਮੂਹਰਲੇ ਦਰਵਾਜ਼ੇ ਦੇ ਕੋਲ ਜਾਂ ਉਸ ਜਗ੍ਹਾ ਦੇ ਲਾਗੇ ਰੱਖਣ ਦੀ ਕੋਸ਼ਿਸ਼ ਕਰੋ ਜਿੱਥੇ ਤੁਸੀਂ ਆਪਣੀਆਂ ਚਾਬੀਆਂ ਰੱਖਦੇ ਹੋ। ਇਸ ਤਰੀਕੇ ਨਾਲ ਤੁਸੀਂ ਬੱਸ ਉਨ੍ਹਾਂ ਨੂੰ ਚੁੱਕ ਸਕਦੇ ਹੋ ਜਦੋਂ ਤੁਸੀਂ ਦਰਵਾਜ਼ੇ ਰਾਹੀਂ ਬਾਹਰ ਜਾਂਦੇ ਹੋ।

ਕੁਝ ਕੁ ਨੂੰ ਆਪਣੀ ਕਾਰ ਵਿੱਚ ਰੱਖੋ

ਇਹਨਾਂ ਨੂੰ ਆਪਣੀ ਕਾਰ ਦੇ ਬੂਟ ਵਿੱਚ ਜਾਂ ਯਾਤਰੀ ਸੀਟ ਉੱਤੇ ਰੱਖੋ – ਅਜਿਹੀ ਕੋਈ ਵੀ ਜਗ੍ਹਾ ਜਿੱਥੇ ਇਹ ਆਸਾਨੀ ਨਾਲ ਪਹੁੰਚਣ ਯੋਗ ਹੋਣ।

ਕੁਝ ਕੁ ਨੂੰ ਆਪਣੇ ਨਾਲ ਲਿਜਾਣ ਵਾਲੇ ਝੋਲੇ ਵਿੱਚ ਰੱਖੋ

ਤੁਸੀਂ ਕਦੇ ਨਹੀਂ ਜਾਣਦੇ ਕਿ ਖਰੀਦਦਾਰੀ ਕਰਨ ਦੀ ਜ਼ਰੂਰਤ ਕਦੋਂ ਪੈ ਸਕਦੀ ਹੈ। ਇਸੇ ਕਰਕੇ ਆਪਣੇ ਬਕਾਇਦਾ ਨਾਲ ਲਿਜਾਣ ਵਾਲੇ ਝੋਲੇ ਜਿਵੇਂ ਕਿ ਤੁਹਾਡੇ ਹੱਥ ਵਿੱਚ ਫ਼ੜ੍ਹਣ ਵਾਲੇ ਝੋਲੇ ਜਾਂ ਪਿੱਠ ਪਿੱਛੇ ਪਾਉਣ ਵਾਲੇ ਝੋਲੇ ਵਿੱਚ ਹਮੇਸ਼ਾ ਇਕ ਛੋਟਾ ਜਿਹਾ ਮੁੜ-ਵਰਤੋਂ ਯੋਗ ਝੋਲਾ ਰੱਖਣਾ ਇਕ ਵਧੀਆ ਵਿਚਾਰ ਹੈ।

ਉਹਨਾਂ ਨੂੰ ਵਾਪਸ ਉਸੇ ਥਾਂ 'ਤੇ ਰੱਖੋ

ਆਪਣੀ ਖਰੀਦਦਾਰੀ ਵਾਲੀਆਂ ਚੀਜ਼ਾਂ ਨੂੰ ਬਾਹਰ ਕੱਢਣ ਅਤੇ ਇਹ ਜਾਂਚ ਕਰਨ ਦੇ ਬਾਅਦ ਕਿ ਤੁਹਾਡੇ ਝੋਲੇ ਸਾਫ਼ ਹਨ, ਇਹਨਾਂ ਨੂੰ ਵਾਪਸ ਦਰਵਾਜ਼ੇ ਕੋਲ, ਆਪਣੀ ਕਾਰ ਵਿੱਚ ਜਾਂ ਆਪਣੇ ਨਾਲ ਲਿਜਾਣ ਵਾਲੇ ਝੋਲੇ ਵਿੱਚ ਪਾ ਦਿਓ, ਤਾਂ ਜੋ ਉਹ ਅਗਲੀ ਵਾਰ ਵਾਸਤੇ ਤਿਆਰ ਰਹਿਣ।

ਆਪਣੇ ਮੁੜ-ਵਰਤਣ ਯੋਗ ਝੋਲਿਆਂ ਨੂੰ ਕੁਝ ਸੁਵਿਧਾਜਨਕ ਟਿਕਾਣਿਆਂ 'ਤੇ ਸੰਭਾਲਣ ਨਾਲ, ਜਦੋਂ ਤੁਸੀਂ ਖਰੀਦਦਾਰੀ ਕਰਨ ਲਈ ਬਾਹਰ ਜਾਂਦੇ ਹੋ, ਤਾਂ ਤੁਹਾਡੇ ਕੋਲ ਹਮੇਸ਼ਾ ਕੁਝ ਝੋਲੇ ਹੱਥੀਂ ਪਹੁੰਚ ਵਿੱਚ ਹੁੰਦੇ ਹਨ।

ਜਿੱਥੇ ਵੀ ਤੁਸੀਂ ਆਪਣੇ ਮੁੜ-ਵਰਤਣ ਯੋਗ ਝੋਲਿਆਂ ਨੂੰ ਸੰਭਾਲਦੇ ਹੋ, ਇਹਨਾਂ ਨੂੰ ਸਾਫ਼ ਰੱਖਣ ਲਈ ਇਹਨਾਂ ਨੂੰ ਬਕਾਇਦਾ ਤੌਰ 'ਤੇ ਧੋਣਾ ਯਕੀਨੀ ਬਣਾਓ।

ਸਭ ਤੋਂ ਵਧੀਆ ਮੁੜ-ਵਰਤਣ ਯੋਗ ਖਰੀਦਦਾਰੀ ਝੋਲੇ ਕਿਹੜੇ ਹਨ?

ਨਵੇਂ ਝੋਲੇ ਖਰੀਦਣ ਦੀ ਬਜਾਏ ਉਹਨਾਂ ਝੋਲਿਆਂ ਦੀ ਵਰਤੋਂ ਕਰਨਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ ਜੋ ਤੁਹਾਡੇ ਕੋਲ ਪਹਿਲਾਂ ਹੀ ਘਰ ਵਿੱਚ ਹਨ। ਅਸੀਂ ਵੰਨ-ਸੁਵੰਨੇ ਝੋਲਿਆਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਜੋ:

  • ਹੰਢਣਸਾਰ ਹਨ – ਮੋਟੀਆਂ ਪੱਟੀਆਂ ਅਤੇ ਮਜ਼ਬੂਤ ਟਾਂਕਿਆਂ ਵਾਸਤੇ ਵੇਖੋ ਜੋ ਏਨੇ ਕੁ ਮਜ਼ਬੂਤ ਹੋਣ ਕਿ ਉਹ ਮੁਕਾਬਲਤਨ ਭਾਰੀਆਂ ਚੀਜ਼ਾਂ ਜਿਵੇਂ ਕਿ ਦੁੱਧ ਜਾਂ ਜੂਸ ਦੀਆਂ ਬੋਤਲਾਂ ਲਿਜਾ ਸਕਣ
  • ਕੰਮ ਆਉਣ ਵਾਲੇ ਹਨ – ਕੁਝ ਝੋਲੇ ਏਨੇ ਕੁ ਛੋਟੇ ਆਕਾਰ ਦੇ ਹੁੰਦੇ ਹਨ ਕਿ ਇਹ ਤੁਹਾਡੇ ਨਾਲ ਲਿਜਾਣ ਵਾਲੇ ਝੋਲੇ ਵਿੱਚ ਆਸਾਨੀ ਨਾਲ ਪੂਰੇ ਆ ਜਾਣ ਅਤੇ ਕੁਝ ਕੁ ਨੂੰ ਤੁਹਾਡੀ ਕੁੰਜੀ ਵਾਲੇ ਗੁੱਛੇ ਨਾਲ ਵੀ ਜੋੜਿਆ ਜਾ ਸਕਦਾ ਹੈ
  • ਤੁਸੀਂ ਇਸ ਦੇ ਨਾਲ ਵਿਖਾਈ ਦੇਣਾ ਪਸੰਦ ਕਰਦੇ ਹੋ – ਜੇ ਤੁਸੀਂ ਕਿਸੇ ਚੀਜ਼ ਦੀ ਦਿੱਖ ਅਤੇ ਸਰੂਪ ਨੂੰ ਪਸੰਦ ਕਰਦੇ ਹੋ, ਤਾਂ ਤੁਹਾਡੇ ਵੱਲੋਂ ਇਸ ਦੀ ਵਰਤੋਂ ਕਰਨ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ
  • ਕਪਾਹ, ਤਰਪਾਲ, ਮੋਟੇ ਖੱਦਰ ਜਾਂ ਰੀਸਾਈਕਲ ਕੀਤੇ ਪਲਾਸਟਿਕ ਤੋਂ ਬਣੇ ਹੁੰਦੇ ਹਨ, ਕਿਉਂਕਿ ਇਹ ਵਧੇਰੇ ਟਿਕਾਊ ਚੋਣਾਂ ਹਨ।

ਪਲਾਸਟਿਕ ਦੇ ਫਲ਼ਾਂ ਅਤੇ ਸਬਜ਼ੀਆਂ ਦੇ ਥੈਲਿਆਂ ਦੀ ਅਦਲਾ-ਬਦਲੀ ਮੁੜ-ਵਰਤਣ ਯੋਗ ਵਿਕਲਪ ਨਾਲ ਕਰੋ

ਮੁੜ-ਵਰਤੋਂ ਯੋਗ ਫਲ਼ ਅਤੇ ਸਬਜ਼ੀਆਂ ਦੀਆਂ ਥੈਲੀਆਂ (ਜਿੰਨ੍ਹਾਂ ਨੂੰ ਉਤਪਾਦ ਦੇ ਝੋਲਿਆਂ ਵਜੋਂ ਵੀ ਜਾਣਿਆ ਜਾਂਦਾ ਹੈ) ਛੋਟੀਆਂ, ਹਲਕੇ ਭਾਰ ਵਾਲੀਆਂ ਥੈਲੀਆਂ ਹੁੰਦੀਆਂ ਹਨ, ਜੋ ਕਈ ਤਰ੍ਹਾਂ ਦੇ ਪਦਾਰਥਾਂ ਨਾਲ ਬਣੀਆਂ, ਆਕਾਰਾਂ ਅਤੇ ਡਿਜ਼ਾਈਨਾਂ ਵਿੱਚ ਆਉਂਦੀਆਂ ਹਨ। ਤੁਸੀਂ ਇਹਨਾਂ ਨੂੰ ਜ਼ਿਆਦਾਤਰ ਵੱਡੇ ਪ੍ਰਚੂਨ ਵਿਕਰੇਤਾਵਾਂ ਕੋਲੋਂ ਖਰੀਦ ਸਕਦੇ ਹੋ ਜਿੰਨ੍ਹਾਂ ਵਿੱਚ ਸੁਪਰਮਾਰਕੀਟਾਂ, ਛੋਟੀਆਂ ਦੁਕਾਨਾਂ ਜਾਂ ਔਨਲਾਈਨ ਪ੍ਰਚੂਨ ਵਿਕਰੇਤਾ ਵੀ ਸ਼ਾਮਲ ਹਨ। ਜੇ ਤੁਸੀਂ ਸਿਲਾਈ ਮਸ਼ੀਨ ਚਲਾ ਲੈਂਦੇ ਹੋ, ਤਾਂ ਤੁਸੀਂ ਆਪਣੇ ਖੁਦ ਦੇ ਝੋਲੇ ਵੀ ਬਣਾ ਸਕਦੇ ਹੋ।

ਇਹਨਾਂ ਨੂੰ ਆਪਣੇ ਹੱਥ ਵਿੱਚ ਫ਼ੜ੍ਹਣ ਵਾਲੇ ਝੋਲੇ, ਪਿੱਠ ਪਿੱਛੇ ਪਾਉਣ ਵਾਲੇ ਝੋਲੇ ਜਾਂ ਆਪਣੇ ਖਰੀਦਦਾਰੀ ਕਰਨ ਵਾਲੇ ਮੁੜ-ਵਰਤਣ ਯੋਗ ਝੋਲਿਆਂ ਵਿੱਚ ਰੱਖੋ, ਤਾਂ ਜੋ ਜਦ ਤੁਸੀਂ ਫਲ਼ਾਂ ਅਤੇ ਸਬਜ਼ੀਆਂ ਦੀ ਖਰੀਦਦਾਰੀ ਕਰਦੇ ਹੋ, ਤਾਂ ਪਲਾਸਟਿਕ ਦੇ ਝੋਲਿਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ ਜਾ ਸਕੇ।

ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਨਰਮ ਪਲਾਸਟਿਕਾਂ ਨੂੰ ਰੀਸਾਈਕਲ ਕਰਨਾ

ਨਰਮ ਪਲਾਸਟਿਕ ਇਕ ਕਿਸਮ ਦਾ ਪਲਾਸਟਿਕ ਹੁੰਦਾ ਹੈ, ਜਿਸ ਨੂੰ ਆਸਾਨੀ ਨਾਲ ਇਕ ਗੇਂਦ ਦੀ ਸ਼ਕਲ ਵਿੱਚ ਗੋਲ ਬਣਾਇਆ ਜਾ ਸਕਦਾ ਹੈ।

ਜੇ ਤੁਸੀਂ ਨਰਮ ਪਲਾਸਟਿਕਾਂ ਅਤੇ ਇਕ ਵਾਰ ਵਰਤੇ ਜਾਣ ਵਾਲੇ ਝੋਲਿਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਨਹੀਂ ਕਰ ਸਕਦੇ ਹੋ, ਤਾਂ ਇਹ ਮਹੱਤਵਪੂਰਣ ਹੈ ਕਿ ਤੁਸੀਂ ਇਹਨਾਂ ਨੂੰ ਘਰ ਵਿਖੇ ਆਪਣੇ ਰੀਸਾਈਕਲ ਵਾਲੇ ਕੂੜੇਦਾਨ ਵਿੱਚ ਨਾ ਪਾਓ, ਕਿਉਂਕਿ ਇਹ ਚੀਜ਼ਾਂ ਨੂੰ ਰੀਸਾਈਕਲ ਕਰਨ ਅਤੇ ਨਵੇਂ ਉਤਪਾਦਾਂ ਵਿੱਚ ਬਦਲੇ ਜਾਣ ਤੋਂ ਰੋਕ ਸਕਦੇ ਹਨ। ਇਸ ਦੀ ਬਜਾਏ, ਇਹਨਾਂ ਨੂੰ ਆਪਣੇ ਨੇੜੇ ਦੇ ਰੀਸਾਈਕਲ ਵਾਲੀਆਂ ਚੀਜ਼ਾਂ ਸੁੱਟਣ ਵਾਲੀ ਜਗ੍ਹਾ ਵਿੱਚ ਲੈ ਜਾਓ। ਇਨ੍ਹੀਂ ਦਿਨੀਂ, ਸੁਪਰਮਾਰਕੀਟਾਂ ਵਿੱਚ ਚੀਜ਼ਾਂ ਸੁੱਟਣ ਵਾਲੀਆਂ ਜ਼ਿਆਦਾਤਰ ਜਗ੍ਹਾਵਾਂ ਵੀ ਇਕ ਵਾਰੀ ਵਰਤਣ ਵਾਲੇ ਪਲਾਸਟਿਕ ਦੇ ਝੋਲਿਆਂ ਨੂੰ ਸਵੀਕਾਰ ਕਰਦੀਆਂ ਹਨ।

ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕਾਂ ਉੱਤੇ ਪਾਬੰਦੀ ਬਾਰੇ

2019 ਵਿੱਚ, ਵਿਕਟੋਰੀਆ ਦੀ ਸਰਕਾਰ ਨੇ ਹਲਕੇ ਭਾਰ ਵਾਲੇ ਪਲਾਸਟਿਕ ਦੇ ਖਰੀਦਦਾਰੀ ਝੋਲਿਆਂ ਉੱਤੇ ਪਾਬੰਦੀ ਲਾਗੂ ਕੀਤੀ ਸੀ, ਜਿੰਨ੍ਹਾਂ ਦੀ ਮੋਟਾਈ 35 ਮਾਈਕਰੋਨ ਜਾਂ ਇਸ ਤੋਂ ਘੱਟ ਹੁੰਦੀ ਹੈ। ਇਸੇ ਕਰਕੇ ਆਪਣੇ ਮੁੜ-ਵਰਤਣਯੋਗ ਖਰੀਦਦਾਰੀ ਝੋਲਿਆਂ ਨੂੰ ਯਾਦ ਰੱਖਣ ਲਈ, ਸਰਲ ਕਾਰਵਾਈਆਂ ਕਰਨਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਣ ਹੈ।

ਇਸ ਤੋਂ ਇਲਾਵਾ, ਵਿਕਟੋਰੀਆ ਦੀ ਸਰਕਾਰ ਫਰਵਰੀ 2023 ਤੱਕ ਪੀਣ ਵਾਲੀਆਂ ਪਾਈਪਾਂ (ਸਟਰਾਅ), ਛੁਰੀ-ਕਾਂਟੇ-ਚਮਚੇ (ਕਟਲਰੀ), ਪਲੇਟਾਂ, ਪੀਣ ਵਾਲੇ ਪਦਾਰਥਾਂ ਨੂੰ ਹਿਲਾਉਣ ਵਾਲੀਆਂ ਡੰਡੀਆਂ, ਫ਼ੈਲਾਏ ਹੋਏ ਪੋਲੀਸਟਾਈਰੀਨ ਭੋਜਨ ਅਤੇ ਪੀਣ ਵਾਲੇ ਡੱਬਿਆਂ ਅਤੇ ਕਪਾਹ ਦੇ ਫੰਬੇ ਵਾਲੀਆਂ ਡੰਡੀਆਂ ਸਮੇਤ ਇਕ ਵਾਰੀ ਵਰਤਣ ਵਾਲੀਆਂ ਚੀਜ਼ਾਂ ਉੱਤੇ ਪਾਬੰਦੀ ਲਗਾਏਗੀ। ਇਕ ਵਾਰ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਉੱਤੇ ਪਾਬੰਦੀ ਬਾਰੇ ਹੋਰ ਜਾਣੋ।

ਇਸ ਮੁਹਿੰਮ ਨੂੰ ਰੀਸਾਈਕਲਿੰਗ ਉਦਯੋਗ ਸੁਧਾਰ ਪੈਕੇਜ ਰਾਹੀਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਅਤੇ ਇਹ ਵਿਕਟੋਰੀਆ ਦੀ ਸਰਕਾਰ ਦੀ ਗੋਲਾਕਾਰ ਆਰਥਿਕਤਾ ਯੋਜਨਾ ਰੀ-ਸਾਈਕਲਿੰਗ ਵਿਕਟੋਰੀਆ: ਇਕ ਨਵੀਂ ਆਰਥਿਕਤਾ ਦਾ ਸਮਰਥਨ ਕਰ ਰਹੀ ਹੈ।

Related pages